Friday, 12 February 2016

Charkha - History Of Charkha in Punjabi

ਚਰਖਾ (Charkha) ਪੰਜਾਬੀ ਸਭਿਆਚਾਰ ਅਤੇ ਪੰਜਾਬੀ ਵਿਰਸੇ ਦਾ ਇੱਕ ਬਹੁਤ ਸੋਹਣਾ ਅੰਗ ਹੈ । ਇਸ ਦਾ ਸਾਡੀ ਅਮੀਰ ਵਿਰਾਸਤ ਨਾਲ ਵੀ ਬੜਾ ਡੂੰਘਾ ਸੰਬੰਧ ਹੈ । ਚਰਖਾ ਖਾਸ ਕਰਕੇ ਔਰਤਾਂ ਦੇ ਵਰਤਣ ਵਾਲੀ ਚੀਜ਼ ਹੋਣ ਕਰਕੇ ਇਹ ਔਰਤ ਵਰਗ ਦੇ ਬਹੁਤ ਜ਼ਿਆਦਾ ਨੇੜੇ ਰਿਹਾ ਹੈ। ਇਸ ਕਰਕੇ ਚਰਖੇ ਨੂੰ ਇਸ ਗੱਲ ਦਾ ਮਾਣ ਹੈ ਕਿ ਇਹ ਮੁਟਿਆਰਾਂ ਦੇ ਹਰ ਦੁੱਖ ਅਤੇ ਸੁੱਖ ਦਾ ਭਾਈਵਾਲ ਬਣ ਕੇ ਉਨਾਂ ਦੀ ਰਗ ਰਗ ਦਾ ਭੇਤੀ ਬਣ ਕੇ ਵਿਚਰਦਾ ਰਿਹਾ ਹੈ ।

Charkha - Punjabi Virsa

ਇਹ ਕਾਰੀਗਰ ਦੀ ਇੱਕ ਬੜੀ ਸੁਲਝੀ ਹੋਈ ਅਤੇ ਖੂਬਸੂਰਤ ਕਲਾ ਦਾ ਇੱਕ ਅਦੁਭਤ ਨਮੂਨਾ ਹੈ । ਇਸ ਨੂੰ ਬਣਾਉਣ ਲਈ ਕਾਰੀਗਰ ਜਿੱਥੇ ਵਧੀਆ ਕਿਸਮ ਦੀ ਲੱਕੜ ਦੀ ਚੋਣ ਕਰਦਾ ਹੈ ਉਥੇ ਉਹ ਇਸ ਦੇ ਹਾਰ ਸ਼ਿੰਗਾਰ ਲਈ ਸੋਨੇ ਅਤੇ ਚਾਂਦੀ ਰੰਗੀਆਂ ਮੇਖਾਂ ਅਤੇ ਇਸ ਦੇ ਚੱਕਰੇ ਵਿੱਚ ਸ਼ੀਸ਼ੇ ਵੀ ਜੜਿਆ ਕਰਦਾ ਸੀ ਅਤੇ ਇਸ ਨੂੰ ਵੱਖ ਵੱਖ ਰੰਗਾਂ ਦੁਆਰਾ ਰੰਗ ਕਰਕੇ ਰੰਗ ਬਿਰੰਗੀਆਂ ਧਾਰੀਆਂ ਨਾਲ ਸਜਾਇਆ ਕਰਦਾ ਸੀ ਜੋ ਇਸ ਗੀਤ ਦੇ ਬੋਲਾਂ ਤੋਂ ਵੀ ਪੂਰੀ ਤਰਾਂ ਸਪਸ਼ਟ ਹੋ ਜਾਦਾ ਹੈ ਜਿਵੇਂ 
ਕਾਰੀਗਰ ਨੂੰ ਦੇ ਵਧਾਈ, ਜੀਹਨੇ ਰੰਗਲਾ ਚਰਖਾ ਬਣਾਇਆ
ਵਿੱਚ ਸੁਨਿਹਰੀ ਲਾਈਆਂ ਮੇਖਾਂ,ਹੀਰਿਆਂ ਜਵਤ ਜੜਾਇਆ
ਬੀੜੀ ਦੇ ਨਾਲ ਖਹੇ ਦਮਕੜਾ,ਤੱਕਲਾ ਫਿਰੇ ਸਵਾਇਆ
ਕੱਤ ਲੈ ਹਾਣਦੀਏ, ਨੀ ਵਿਆਹ ਭਾਦੋਂ ਦਾ ਆਇਆ
ਚਰਖਾ ਇੱਕ ਤਰਾਂ ਨਾਲ ਘਰੇਲੂ ਉਦਯੋਗ ਦੀ ਸ਼ਿਲਪ ਕਲਾ ਵਿੱਚੋਂ ਉਪਜਿਆ ਹੋਇਆ ਇੱਕ ਖੂਬਸੂਰਤ ਤੋਹਫ਼ਾ ਹੈ। ਜੋ ਇਹ ਵੀ ਦਰਸਾਉਦਾ ਹੈ ਕਿ ਪੰਜਾਬੀ ਆਪਣੇ ਕੰਮ ਵਾਲੀਆ ਚੀਜ਼ਾਂ ਨੂੰ ਵੀ ਆਪਣੇ ਮਨੋਰੰਜਨ ਦਾ ਸਾਧਨ ਬਣਾਉਣ ਵਿੱਚ ਮਾਹਿਰ ਹਨ । ਚਰਖੇ ਤੋਂ ਇਹ ਗੱਲ ਵੀ ਸਾਫ਼ ਜ਼ਾਹਿਰ ਹੁੰਦੀ ਹੈ ਕਿ ਪੰਜਾਬੀ ਲੋਕ ਕਲਾ ਆਪਣੇ ਵਿਸ਼ਾਲ ਦਾਇਰੇ ਵਿੱਚ ਸਾਡੇ ਘਰੇਲੂ ਧੰਦਿਆਂ ਅਤੇ ਲੋਕ ਕਲਾਵਾਂ ਨੂੰ ਲੈਂਦੀ ਮਹਿਸੂਸ ਹੁੰਦੀ ਹੈ । ਚਰਖੇ ਤੇ ਅਨੇਕਾਂ ਤਰਾਂ ਦੇ ਲੋਕ ਗੀਤ,ਬੋਲੀਆਂ,ਟੱਪੇ ਆਦਿ ਤ੍ਰਿਝੰਣ ਬੈਠਦੀਆਂ ਕੁੜੀਆਂ ਨੇ ਆਪ ਮੁਹਾਰੇ ਹੀ ਜੋੜ ਲਏ ਜੋ ਅੱਜ ਵੀ ਲੋਕਾਂ ਦੀ ਜੁਬਾਨ ਤੇ ਤਰੋ ਤਾਜ਼ਾ ਹਨ । 

ਚਰਖੇ ਦੀ ਹੋਂਦ ਵੀ ਮਨੁੱਖ ਨੇ ਆਪਣੀ ਲੋੜਾਂ ਦੀ ਪੂਰਤੀ ਨੂੰ ਪੂਰਾ ਕਰਨ ਲਈ ਹੀ ਕੀਤੀ ਹੈ । ਪਹਿਲੇ ਸਮਿਆਂ ਵਿੱਚ ਜਦੋਂ ਮਸ਼ੀਨਰੀ ਦੇ ਯੁੱਗ ਦੀ ਸ਼ੁਰੂਆਤ ਨਹੀਂ ਹੋਈ ਸੀ ਉਦੋਂ ਕੱਪੜਾ ਤਿਆਰ ਕਰਨ ਲਈ ਚਰਖੇ ਦੀ ਵਰਤੋਂ ਕੀਤੀ ਜਾਂਦੀ ਸੀ। ਸੁਆਣੀਆਂ ਚੁਗੇ ਹੋਏ ਰੂੰ ਨੂੰ ਵੇਲਣੇ ਵਿੱਚ ਪਿੰਜ ਕੇ ਕਾਨ੍ਹੇ ਦੀ ਤੀਲ ਨਾਲ ਇਸ ਦੀਆਂ ਪੂਣੀਆਂ ਵੱਟਿਆ ਕਰਦੀਆਂ ਸਨ । ਜੇ ਕਿਤੇ ਕਿਸੇ ਆਦਮੀ ਨੂੰ ਕੁੜੀਆਂ ਨੇ ਪੂਣੀ ਵੱਟਦੇ ਦੇਖ ਲੈਣਾ ਤਾਂ ਇਹ ਬੋਲੀ ਕੱਸਿਆ ਕਰਦੀਆਂ ਸਨ 
ਧੇਲੀ ਦਾ ਮੈਂ ਰੂੰ ਕਰਾਇਆ ਉਹ ਵੀ ਚੜ ਗਿਆ ਛੱਤੇ,
ਵੇਖੋ ਨੀ ਮੇਰੇ ਹਾਣ ਦੀਔ ਮੇਰਾ ਜੇਠ ਪੂਣੀਆਂ ਵੱਟੇ।
ਪੂਣੀਆਂ ਬਣਾਉਣ ਤੋਂ ਬਾਅਦ ਇਸ ਨੂੰ ਕੱਤਣ ਲਈ ਸੁਆਣੀਆਂ ਆਪਣਾ ਕੰਮ ਧੰਦਾ ਨਬੇੜ ਕੇ ਚਰਖਾ ਡਾਹ ਲਿਆ ਕਰਦੀਆਂ ਸਨ ਅਤੇ ਰਾਤ ਦੇਰ ਤੱਕ ਕੱਤਿਆ ਕਰਦੀਆਂ ਸਨ । ਕਈ ਵਾਰ ਕਈ ਸੱਸਾਂ ਨੇ ਆਪਣੀਆਂ ਨੂੰਹਾਂ ਨੂੰ ਹੁਕਮ ਚਾੜ੍ਹ ਦੇਣਾ ਕਿ ਇਨਾਂ ਰੂੰ ਕੱਤ ਕੇ ਫਿਰ ਹੀ ਸੌਣਾ ਹੈ। ਸਿਆਣੀ ਉਮਰ ਦੀਆਂ ਔਰਤਾਂ ਚਰਖੇ ਨਾਲ ਆਪਣਾ ਸਮਾਂ ਵੀ ਵਧੀਆ ਢੰਗ ਨਾਲ ਬਤੀਤ ਕਰ ਲਿਆ ਕਰਦੀਆਂ ਸਨ । ਸੋ ਪੂਣੀਆਂ ਨੂੰ ਕੱਤ ਕੇ ਗਲੋਟੇ ਕੀਤੇ ਜਾਂਦੇ ਸੀ ਅਤੇ ਅਟੇਰਨੇ ਦੀ ਮਦਦ ਨਾਲ ਗਲੋਟੇ ਨੂੰ ਲੱਛਿਆਂ ਦਾ ਰੂਪ ਦੇ ਕੇ ਇਨਾਂ ਤੋਂ ਸੂਤ ਤਿਆਰ ਕਰ ਲਿਆ ਜਾਂਦਾ ਸੀ । ਇਸੇ ਸੂਤ ਤੋਂ ਹੀ ਦਰੀਆਂ,ਖੇਸ,ਚਾਦਰਾਂ ਅਤੇ ਪਹਿਨਣ ਲਈ ਖੱਦਰ ਆਦਿ ਬਣਾਇਆ ਜਾਦਾ ਸੀ । 

ਜਿੱਥੇ ਬਹਿ ਕੇ ਚਰਖਾ ਕੱਤਿਆ ਜਾਂਦਾ ਸੀ ਉਸ ਜਗਾ੍ਹ ਨੂੰ ਤ੍ਰਿਝੰਣ ਕਿਹਾ ਜਾਂਦਾ ਸੀ । ਤ੍ਰਿਝੰਣ ਵਿੱਚ ਬਹਿ ਕੇ ਕੁੜੀਆਂ ਨਾਲੇ ਚਰਖਾ ਕੱਤਿਆ ਕਰਦੀਆਂ ਸਨ ਅਤੇ ਨਾਲ ਹੀ ਹੋਰ ਕੰਮ ਜਿਵੇਂ ਕਢਾਈ ਬੁਣਾਈ ਦਾ ਕੰਮ ਅਤੇ ਗੀਤ ਬੋਲੀਆਂ ਆਦਿ ਗਾਇਆ ਕਰਦੀਆਂ ਸਨ । 
ਬੇੜੀ ਦਾ ਪੂਰ ਤ੍ਰਿਝੰਣ ਦੀ ਕੁੜੀਆਂ ਸਬੱਬ ਨਾਲ ਹੋਣ ਕੱਠੀਆਂ
ਨੀ ਮੈਂ ਕੱਤਾਂ ਪੀਤਾਂ ਨਾਲ, ਚਰਖਾ ਚੰਨਣ ਦਾ ।
ਬਜਾਰ ਵਿਕੇਂਦੀ ਬਰਫ਼ੀ,ਮੈਨੂੰ ਲੈ ਦੇ ਨਿੱਕੀ ਜਿਹੀ ਚਰਖੀ
ਦੁੱਖਾਂ ਦੀਆਂ ਪੂਣੀਆਂ ਕੱਤਾਂ
ਸਹੁਰੇ ਆਈਆਂ ਕੁੜੀਆਂ ਜਦੋਂ ਤ੍ਰਿਝੰਣ ਵਿੱਚ ਚਰਖਾ ਕੱਤਦੀਆਂ ਕੱਤਦੀਆਂ ਭਾਵੁਕ ਹੋ ਜਾਇਆ ਕਰਦੀਆਂ ਸਨ ਤਾਂ ਇਹ ਬੋਲ ਆਪ ਮੁਹਾਰੇ ਉਨ੍ਹਾਂ ਦੇ ਮੂਹੋਂ ਨਿਕਲ ਜਾਇਆ ਕਰਦੇ ਸਨ… 
ਮਾਂ ਮੇਰੀ ਨੇ ਚਰਖਾ ਦਿੱਤਾ ਵਿੱਚ ਸੋਨੇ ਦੀਆਂ ਮੇਖਾਂ,
ਮਾਂ ਤੈਨੂੰ ਯਾਦ ਕਰਾਂ,ਜਦ ਚਰਖੇ ਵਲ ਦੇਖਾਂ।
ਕਿਉ ਕਿ ਦਿੱਤੇ ਜਾਣ ਵਾਲੇ ਦਾਜ ਵਿੱਚ ਸੰਦੂਕ ਵਾਂਗ ਚਰਖਾ ਵੀ ਇਕ ਮੁੱਖ ਚੀਜ਼ ਹੁੰਦੀ ਸੀ । ਗਲ ਕੀ ਚਰਖੇ ਤੋਂ ਬਿਨਾਂ ਦਾਜ ਨੁੰ ਅਧੂਰਾ ਗਿਣਿਆ ਜਾਂਦਾ ਸੀ, ਅਤੇ ਕਿਹਾ ਜਾਂਦਾ ਸੀ ਕਿ ਇਸ ਦੀ ਮਾਂ ਨੇ ਇਸ ਨੂੰ ਚਰਖਾ ਕੱਤਣਾ ਵੀ ਨਹੀਂ ਸਿਖਾਇਆ ਜਿਹੜਾ ਇਹ ਆਪਣੇ ਦਾਜ ਵਿੱਚ ਚਰਖਾ ਨੀ ਲੈ ਕੇ ਆਈ ।

ਮੁਟਿਆਰ ਆਪਣੇ ਜੀਵਨ ਸਾਥੀ ਨੂੰ ਚਰਖਾ ਕੱਤਦੇ ਸਮੇਂ ਕਈ ਵਾਰ ਚੇਤੇ ਕਰਦਿਆਂ ਆਪਣੀ ਪ੍ਰੀਤ ਦੀ ਡੋਰੀ ਨੂੰ ਚਰਖੇ ਦੇ ਤੱਕਲੇ ਨਾਲ ਜੋੜ ਕੇ ਬੈਠ ਜਾਂਦੀ ਹੈ
ਸੁਣ ਚਰਖੇ ਦੀ ਮਿੱਠੀ ਮਿੱਠੀ ਘੂਕ,
ਮਾਹੀਆ ਮੈਨੂੰ ਯਾਦ ਆਂਵਦਾ ।
ਅਤੇ ਜਦੋਂ ਕਦੇ ਕੱਤਦਿਆਂ ਕੱਤਦਿਆਂ ਉਸਦਾ ਤੰਦ ਟੁੱਟ ਜਾਂਦਾ ਹੈ ਤਾਂ ਉਸਦੀ ਯਾਦਾਂ ਲੜੀ ਵੀ ਟੁੱਟ ਜਾਂਦੀ ਹੈ ਅਤੇ ਮੁਟਿਆਰ ਉਦਾਸ ਹੋ ਜਾਦੀ ਹੈ । ਚਰਖੇ ਦੀ ਘੂਕ ਨੂੰ ਸੂਫ਼ੀ ਲੋਕਾਂ ਨੇ ਵੀ ਬੜੀ ਸੰਜੀਦਗੀ ਨਾਲ ਲਿਆ ਹੈ ਅਤੇ ਬਹੁਤ ਸਾਰੀਆਂ ਕਵਾਲੀਆਂ ਕਾਫੀਆਂ ਵਿੱਚ ਚਰਖੇ ਦੀ ਘੂਕ ਦਾ ਜ਼ਿਕਰ ਆਉਦਾਂ ਹੈ । ਸੂਫ਼ੀ ਲੋਕ ਚਰਖੇ ਦੀ ਘੂਕ ਨੂੰ ਮਹਿਬੂਬ ਨਾਲ ਜੋੜ ਕੇ ਵੇਖਿਆ ਕਰਦੇ ਸਨ ਅਤੇ ਇਸ ਤਰਾਂ ਆਪਣੇ ਮਹਿਬੂਬ ਦੀ ਯਾਦ ਵਿੱਚ ਗਾਉਂਦੇ ਸਨ 
ਚਰਖੇ ਦੇ ਹਰ ਗੇੜੇ ਯਾਦ ਆਵੇਂ ਤੂੰ ਸੱਜਣਾ
ਘੁੰਮ ਚਰਖੜਿਆ ਘੁੰਮ ਵੇ ਤੈਨੂੰ ਕੱਤਣ ਵਾਲੀ ਜੀਵੇ
ਉਹਦੀ ਯਾਦ ਵਿੱਚ ਕੱਤਦੀ ਰਹੀ ਹਰ ਦਮ
ਤੇ ਖੌਰੇ ਕਿਹੜੀ  ਤੰਦ ਮਨਜ਼ੂਰ ਹੋਵੇ ।
ਅੱਜ ਜ਼ਮਾਨਾ ਬੜੀ ਤੇਜੀ ਨਾਲ ਬਦਲ ਰਿਹਾ ਹੈ ਅਤੇ ਹਰ ਚੀਜ਼ ਜੋ ਕਦੇ ਸਾਡੇ ਅੰਗ ਸੰਗ ਹੁੰਦੀ ਸੀ ਉਹ ਸਾਡੇ ਤੋਂ ਕੋਹਾਂ ਦੂਰ ਜਾ ਰਹੀ ਹੈ ਜਾਂ ਚਲੇ ਗਈ ਹੈ ਇਸੇ ਤਰਾਂ ਹੀ ਚਰਖਾ ਵੀ ਹੁਣ ਬੀਤੇ ਹੋਏ ਕੱਲ ਦੀ ਗਲ ਬਣ ਕੇ ਰਹਿ ਗਿਆ ਹੈ । ਅੱਜ ਮੁਟਿਆਰਾਂ ਨੇ ਚਰਖੇ ਤੇ ਤ੍ਰਿਝੰਣ ਦੀ ਜਗਾ੍ਹ ਤੇ ਕੰਪਿਊਟਰ ਇੰਟਰਨੈੱਟ ਕੈਫੇ ਜਾਂ ਬਿਊਟੀ ਪਾਰਲਰ ਤੇ ਹੋਰ ਕਈ ਨਵੇਂ ਰੁਝੇਵੇਂ ਸਹੇੜ ਲਏ ਹਨ ਅਤੇ ਚਰਖਾ ਵਿਚਾਰਾ ਬਹੁਤਿਆਂ ਘਰਾਂ ਵਿੱਚ ਲੱਭਦਾ ਹੀ ਨਹੀਂ ਜੇ ਕਿਤੇ ਮਿਲਦਾ ਵੀ ਹੈ ਤਾਂ ਉਹ ਵੀ ਕਿਸੇ ਖੂੰਜੇ ਖਰਲੇ ਧੂੜ ਮਿੱਟੀ ਨਾਲ ਭਰਿਆ ਮਿਲੇਗਾ ਅਤੇ ਕਈ ਤਰਾਂ ਦੇ ਸਵਾਲ ਸਾਨੂੰ ਕਰਦਾ ਹੋਇਆ ਹੁਬਕੀ ਰੋ ਪੈਂਦਾ ਹੈ 
ਤੀਆਂ ਅਤੇ ਤ੍ਰਿਝੰਣ ਆਪਾਂ ਭੁੱਲ ਗਏ ਆਂ
ਵੈਸਰਟਨ ਵਾਲੇ ਵਿਰਸੇ ਉੱਤੇ ਡੁੱਲ ਗਏ ਆਂ
ਕੋਈ ਨਾ ਸਾਨੂੰ ਜਾਣੇ ਸੱਭਿਆਚਾਰ ਬਿਨਾਂ
ਚਰਖਾ ਰੋਂਦਾ ਵੇਖਿਆ ਮੈਂ ਮੁਟਿਆਰ ਬਿਨਾਂ