ਭੈਣੇ ਆਪਣਾ ਖਿਆਲ ਰੱਖੀਂ
ਮੁੰਡਾ-ਕੁੜੀ ਬੱਸ ਸਟੈਂਡ ਤੋਂ ਬੱਸ ਵਿਚ ਚੜ੍ਹੇ
ਤਾਂ ਅਗਲੀ ਸੀਟ ਉਪਰ ਬੈਠ ਗਏ ।
ਬੱਸ ਵਿੱਚ ਬੈਠਦਿਆਂ ਹੀ ਉਹ ਆਪਸ ਵਿਚ ਗੱਲਾਂ ਕਰਨ ਵਿਚ ਮਗਨ ਹੋ ਗਏ ।
ਬੱਸ ਵਿੱਚ ਸਵਾਰੀਆਂ ਚੜ੍ਹਦੀਆਂ ,
ਉਨ੍ਹਾਂ ਨੂੰ ਗਹੁ ਨਾਲ ਤੱਕਦੀਆਂ ਤੇ ਆਪਣੀਆਂ ਸੀਟਾਂ 'ਤੇ ਬੈਠ ਜਾਂਦੀਆਂ ।
ਬੱਸ ਦੇ ਕੰਡਕਟਰ ਨੇ ਉਨ੍ਹਾਂ ਨੂੰ ਵੇਖਿਆ ,
ਫਿਰ ਮੁਸਕਰਾਇਆ ਤੇ ਫਿਰ
ਟੇਪ ਰਿਕਾਰਡ 'ਤੇ ਭੱਦਾ ਜਿਹਾ ਗਾਣਾ ਲਾ ਦਿੱਤਾ ।
ਪੇਂਡੂ ਜਿਹੀ ਇਕ ਔਰਤ ਉੱਚੀ ਆਵਾਜ਼ ਵਿੱਚ
ਉਨ੍ਹਾਂ ਨੂੰ ਸੁਣਾ ਕੇ ਬੋਲੀ ,
'ਅੱਜਕਲ੍ਹ ਦੇ ਮੁੰਡੇ-ਕੁੜੀਆਂ ਨੂੰ ਤਾਂ ਭੋਰਾ ਸ਼ਰਮ ਨਹੀਂ ,
ਕਿਵੇਂ ਮੂੰਹ ਜੋੜ ਜੋੜ ਗੱਲਾਂ ਕਰਦੇ ਨੇ ,
ਅਵਾਰਾ ਕਿਸੇ ਥਾਂ ਦੇ ।
ਮੁੰਡੇ ਨੇ ਘੂਰ ਕੇ ਔਰਤ ਵੱਲ ਦੇਖਿਆ ਪਰ ਬੋਲਿਆ ਕੁਝ ਨਾਂ।
ਮੁੰਡੇ ਨੇ ਕੰਡਕਟਰ ਨੂੰ ਪੈਸੇ ਦਿੱਤੇ,
ਕੰਡਕਟਰ ਨੇ ਖਚਰੀ ਹਾਸੀ ਹੱਸਦਿਆਂ
ਦੋ ਟਿਕਟਾਂ ਮੁੰਡੇ ਦੇ ਹੱਥ ਫੜਾ ਦਿੱਤੀਆਂ ।
ਬੱਸ ਕੁੜੀਆਂ ਦੇ ਹੋਸਟਲ ਅੱਗੇ ਰੁਕੀ ।
ਕੁੜੀ ਨੇ ਹੰਝੂਆਂ ਭਰੀਆਂ ਅੱਖਾਂ ਨਾਲ ਮੁੰਡੇ ਵੱਲ ਵੇਖਿਆ ।
ਮੁੰਡੇ ਨੇ ਕੁੜੀ ਦਾ ਬੈਗ ਚੁੱਕਿਆ ਤੇ ਬੱਸ ਵਿਚੋਂ ਉਤਾਰ ਦਿੱਤਾ ।
ਫਿਰ ਉਹ ਜਾਣ-ਬੁੱਝਕੇ ਉੱਚੀ ਆਵਾਜ਼ ਵਿਚ ਬੋਲਿਆ ,
'ਭੈਣੇ ਆਪਣਾ ਖਿਆਲ ਰੱਖੀਂ ,
ਕੀ ਹੋਇਆ ਜੇ ਬਾਪੂ ਸਾਨੂੰ ਛੱਡ ਕੇ ਤੁਰ ਗਿਐ ,
ਮੈਂ ਤਾਂ ਜਿਉਂਦਾ ਹਾਂ ਨਾਂ ਤੇਰਾ ਵੀਰ ,
ਭੋਰਾ ਫਿਕਰ ਨਾ ਕਰੀਂ ।
ਚੰਡੀਗੜ੍ਹੋਂ ਵਾਪਸ ਆਉਂਦਿਆਂ ਮੈਂ ਤੈਨੂੰ ਮਿਲ ਕੇ ਜਾਊਂ ।
ਕੰਡਕਟਰ ਨੇ ਟੇਪ ਰਿਕਾਰਡਰ ਬੰਦ ਕਰ ਦਿੱਤੀ ।
ਸਵਾਰੀਆਂ ਹੁਣ ਸਿਰ ਸੁੱਟੀ ਬੈਠੀਆਂ ਸਨ ।
ਹਰੇਕ ਚੀਜ਼ ਹਰ ਗੱਲ ਦੇ ਦੋ ਪਹਿਲੂ ਹੁੰਦੇ ਨੇਂ, ਇਹ ਤੁਹਾਡੇ ਤੇ ਨਿਰਭਰ ਕਰਦਾ ਕੇ ਤੁਸੀਂ ਓਸ ਨੂੰ ਕਿਸ ਨਜ਼ਰਿਏ ਨਾਲ ਵੇਖਦੇ ਓ।
ਓਵੇਂ ਹੀ ਇਸ ਕਹਾਣੀ ਦਾ ਸਿੱਟਾ ਵੀ ਤੁਹਾਡੀ ਸੋਚ ਤੇ ਹੀ ਨਿਰਭਰ ਕਰਦਾ ।