ਤੇਰੇ ਬੰਨੀਂ ਬਰਥਡੇ ਮਨਾਉਣ ਦਾ ਰਿਵਾਜ਼
ਜਿੰਨੀਂ ਉਮਰ ਹੋਗੀ, ਉਨ੍ਹੀਆਂ ਮੋਮਬੱਤੀਆਂ ਬਾਲਣੀਆਂ
ਨਵੇਂ ਕੱਪੜੇ ਪਾਉਣੇ ਤੇ ਜੰਤਾ ਨੇ ਕਮੈਂਟ ਕਰਨੇ
"ਸੋ ਕਿਊਟ" "ਵਾਓ ਔਸਮ"
ਸਿਰ ਤੇ ਟੋਪੀਆਂ ਜੀਆਂ ਲੈਕੇ ਤਾੜੀਆਂ ਮਾਰ ਮਾਰ ਆਖਣਾ
"ਹੈਪੀ ਬਰੱਥਡੇ ਟੂ ਯੂ", ਕੇਕਾਂ ਨਾ ਮੂੰਹ ਲਬੇੜਨੇ
ਬੁਲਬੁਲੇ ਫਲਾ ਫਲਾ ਛੱਡਣੇ
ਟੈਡੀ ਬੀਅਰਾਂ ਤੇ ਬਾਰਬੀ ਡੌਲ ਆਲੇ ਗਿਫਟ
ਮੈਨੂੰ ਕਹਿੰਦੀ, "ਕਦੇ ਤੇਰਾ ਬਰਥਡੇ ਨੀਂ ਮਨਾਇਆ"?
ਮਖਾ ਕੇਰਾਂ ਮਨਾਇਆ ਸੀ
ਕਹਿੰਦੀ ਫੇਰ ਤਾਂ ਖੂਬ ਇੰਜੁਆਏ ਕੀਤਾ ਹੋਣਾ
ਕੀ ਕੀਤਾ ਤੁਸੀਂ ਬਰਥਡੇ ਪਾਰਟੀ ਤੇ
ਮਖਾ ਅਖੰਡ ਪਾਠ ਕਰਾਇਆ ਸੀ ਕੇਰਾਂ
ਤਿੰਨੀ ਦਿਨੀਂ ਭੋਗ ਪਾਤਾ, ਜੰਤਾ ਨੂੰ ਜਲੇਬ ਖਵਾਤੇ
ਮਾਮੇ ਨੇ ਸਿਰ ਪਲੋਸ ਕੇ ਇੱਕ ਸੌ ਇੱਕ ਦਾ ਸ਼ਗਨ ਦੇਤਾ
ਤੇ ਨਾਲੇ ਨਾਨਕਿਆਂ ਨੇ ਨਾਭੀ ਪੱਗ ਦਿੱਤੀ ਸੀ
ਦਾਦੀ ਨੇ ਪੰਜ ਸੇਰ ਘਿਓ ਮਾਤਾ ਨੂੰ ਗਿਫਟ ਕਰਤਾ
ਸੁਨਿਆਰਿਆਂ ਨੂੰ ਤੜਾਗੀ ਪਵਾਈ ਦਾ ਸ਼ਗਨ ਦੇਤਾ ,
ਦਾਈ ਨੂੰ ਦੁੱਧ ਧਵਾਈ ਦਾ ਬੰਬਲਾਂ ਆਲਾ ਕੰਬਲ ਤੇ ਤੋਤੇ ਰੰਗਾਂ ਸੂਟ
ਰਾਜੇ ਸਿੱਖਾਂ ਨੂੰ ਨਿੰਮ ਬੰਨ੍ਹਾਈ ਦੀ ਪੰਜ ਕੱਪੜੀ ਨਾਲੇ ਮਣ ਦਾਣੇ
ਕਹਿੰਦੀ...."Hmmm...Plz Change The Topic"