ਰਾਂਝੇ ਨੂੰ ਬਚਪਨ ਵਿੱਚ ਹੀ ਖੂਬਸੂਰਤੀ ਨਾਲ ਇਸ਼ਕ ਸੀ
ਰਾਂਝੇ ਨੂੰ ਬਚਪਨ ਵਿੱਚ ਹੀ ਖੂਬਸੂਰਤੀ ਨਾਲ ਇਸ਼ਕ ਸੀ। ਉਸਨੇ ਆਪਣੇ ਲਈ ਸੁਪਨਿਆਂ ਵਿੱਚ ਹੀ ਇੱਕ ਸੋਹਣੀ ਮੁਟਿਆਰ ਦੀ ਤਸਵੀਰ ਬਣਾ ਲਈ ਸੀ। ਹਜਾਰਾ ਦੇ ਸਰਦਾਰ ਦਾ ਪੁੱਤ ਰਾਂਝਾ ਆਸ਼ਿਕ ਮਿਜਾਜ ਦਾ ਸੀ। ਬਾਰ੍ਹਾਂ ਸਾਲ ਦੀ ਉਮਰ ਵਿੱਚ ਉਸਦੇ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ। ਆਪਣੇ ਭਰਾਵਾਂ ਤੋਂ ਅਲੱਗ ਹੋ ਕੇ ਉਹ ਸਾਰਾ ਦਿਨ ਦਰੱਖਤਾਂ ਹੇਠ ਬੈਠਾ ਰਹਿੰਦਾ ਅਤੇ ਆਪਣੇ ਸੁਪਨਿਆਂ ਦੀ ਸ਼ਹਿਜਾਦੀ ਬਾਰੇ ਸੋਚਦਾ ਰਹਿੰਦਾ ਸੀ।
ਇੱਕ ਵਾਰ ਇੱਕ ਪੀਰ ਨੇ ਉਸ ਨੂੰ ਪੁੱਛਿਆ-ਤੂੰ ਐਨਾ ਦੁਖੀ ਕਿਉਂ ਹੈਂ? ਤਾਂ ਰਾਂਝੇ ਨੇ ਪੀਰ ਨੂੰ ਆਪਣੇ ਦੁਆਰਾ ਰਚੇ ਪ੍ਰੇਮ ਗੀਤ ਸੁਣਾਏ, ਜਿਸ ਵਿੱਚ ਸੁਪਨਿਆਂ ਦੀ ਸ਼ਹਿਜਾਦੀ ਦਾ ਵਰਣਨ ਸੀ। ਪੀਰ ਨੇ ਦੱਸਿਆ ਕਿ ਤੇਰੇ ਸੁਪਨਿਆਂ ਦੀ ਸ਼ਹਿਜਾਦੀ ਹੀਰ ਦੇ ਇਲਾਵਾ ਹੋਰ ਕੋਈ ਨਹੀਂ ਹੋ ਸਕਦੀ। ਇਹ ਸੁਣ ਕੇ ਰਾਂਝਾ ਆਪਣੀ ਹੀਰ ਦੀ ਤਲਾਸ਼ ਵਿੱਚ ਤੁਰ ਪਿਆ।
ਹੀਰ ਬਹੁਤ ਸਖ਼ਤ ਦਿਮਾਗ ਵਾਲੀ ਕੁੜੀ ਸੀ। ਇੱਕ ਰਾਤ ਰਾਂਝਾ ਛੁਪ ਕੇ ਹੀਰ ਦੀ ਕਿਸ਼ਤੀ 'ਚ ਸੌਂ ਗਿਆ। ਇਹ ਦੇਖ ਕੇ ਹੀਰ ਗੁੱਸੇ ਨਾਲ ਅੱਗ ਬਬੂਲਾ ਹੋ ਗਈ, ਪਰ ਜਿਵੇਂ ਹੀ ਉਸਨੇ ਨੌਜਵਾਨ ਮਰਦ ਰਾਂਝੇ ਨੂੰ ਦੇਖਿਆ, ਉਹ ਆਪਣਾ ਗੁੱਸਾ ਭੁੱਲ ਗਈ ਅਤੇ ਰਾਂਝੇ ਨੂੰ ਦੇਖਦੀ ਹੀ ਰਹਿ ਗਈ। ਉਦੋਂ ਰਾਂਝੇ ਨੇ ਉਸ ਨੂੰ ਆਪਣੇ ਸੁਪਨਿਆਂ ਦੀ ਗੱਲ ਦੱਸੀ। ਰਾਂਝੇ 'ਤੇ ਫਿਦਾ ਹੋਈ ਹੀਰ ਉਸ ਨੂੰ ਆਪਣੇ ਘਰ ਲੈ ਗਈ ਅਤੇ ਆਪਣੇ ਘਰ ਨੌਕਰੀ 'ਤੇ ਰਖਵਾ ਦਿੱਤਾ।
ਹੀਰ-ਰਾਂਝੇ ਦੀਆਂ ਮੁਲਾਕਾਤਾਂ ਮੁਹੱਬਤ ਵਿੱਚ ਬਦਲ ਗਈਆਂ, ਪਰ ਹੀਰ ਦੇ ਚਾਚੇ ਨੂੰ ਇਸਦੀ ਖ਼ਬਰ ਲੱਗ ਗਈ ਅਤੇ ਹੀਰ ਦਾ ਵਿਆਹ ਦੂਜੇ ਪਿੰਡ ਵਿੱਚ ਕਰ ਦਿੱਤਾ।
ਰਾਂਝਾ ਫਕੀਰ ਬਣ ਕੇ ਪਿੰਡ-ਪਿੰਡ ਘੁੰਮਣ ਲੱਗਿਆ। ਜਦੋਂ ਉਹ ਹੀਰ ਦੇ ਪਿੰਡ ਵਿੱਚ ਪਹੁੰਚਿਆ ਤਾਂ ਉਸਦੀ ਅਵਾਜ਼ ਸੁਣ ਕੇ ਹੀਰ ਬਾਹਰ ਆਈ ਅਤੇ ਉਸ ਨੂੰ ਭੀਖ ਦੇਣ ਲੱਗੀ। ਦੋਵੇਂ ਇੱਕ-ਦੂਜੇ ਨੂੰ ਦੇਖਦੇ ਹੀ ਰਹਿ ਗਏ। ਰਾਂਝਾ ਰੋਜਾਨਾ ਫਕੀਰ ਬਣ ਕੇ ਆਉਂਦਾ ਅਤੇ ਹੀਰ ਉਸ ਨੂੰ ਭੀਖ ਦਿੰਦੀ। ਦੋਵੇਂ ਰੋਜਾਨਾ ਮਿਲਣ ਲੱਗੇ।
ਇਹ ਸਭ ਹੀਰ ਦੀ ਭਾਬੀ ਨੇ ਦੇਖ ਲਿਆ। ਉਸਨੇ ਹੀਰ ਨੂੰ ਟੋਕਿਆ ਤਾਂ ਰਾਂਝਾ ਪਿੰਡ ਦੇ ਬਾਹਰ ਚਲਾ ਗਿਆ। ਸਾਰੇ ਲੋਕ ਉਸ ਨੂੰ ਫਕੀਰ ਮੰਨ ਕੇ ਪੂਜਣ ਲੱਗੇ। ਉਸਦੀ ਜੁਦਾਈ ਵਿੱਚ ਹੀਰ ਬਿਮਾਰ ਹੋ ਗਈ। ਜਦੋਂ ਵੈਦ ਹਕੀਮਾਂ ਤੋਂ ਉਸਦਾ ਇਲਾਜ ਨਾ ਹੋਇਆ ਤਾਂ ਹੀਰ ਦੇ ਸਹੁਰੇ ਨੇ ਰਾਂਝੇ ਕੋਲ ਜਾ ਕੇ ਉਸਦੀ ਮੱਦਦ ਮੰਗੀ।
ਰਾਂਝਾ ਹੀਰ ਦੇ ਘਰ ਚਲਾ ਗਿਆ। ਉਸਨੇ ਹੀਰ ਦੇ ਸਿਰ 'ਤੇ ਹੱਥ ਰੱਖਿਆ ਅਤੇ ਹੀਰ ਦੀ ਚੇਤਨਾ ਵਾਪਸ ਆ ਗਈ। ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਉਹ ਫਕੀਰ ਰਾਂਝਾ ਹੈ ਤਾਂ ਉਹਨਾਂ ਨੇ ਰਾਂਝੇ ਨੂੰ ਕੁੱਟ-ਮਾਰ ਕੇ ਪਿੰਡੋਂ ਬਾਹਰ ਕੱਢ ਦਿੱਤਾ।
ਉਸ ਤੋਂ ਬਾਅਦ ਰਾਜੇ ਨੇ ਉਸ ਨੂੰ ਚੋਰ ਸਮਝ ਕੇ ਫੜ ਲਿਆ। ਰਾਂਝੇ ਨੇ ਜਦੋਂ ਰਾਜੇ ਨੂੰ ਹਕੀਕਤ ਦੱਸੀ ਤਾਂ ਉਸਨੇ ਹੀਰ ਦੇ ਪਿਤਾ ਨੂੰ ਆਦੇਸ਼ ਦਿੱਤਾ ਕਿ ਉਹ ਹੀਰ ਦਾ ਵਿਆਹ ਰਾਂਝੇ ਨਾਲ ਕਰ ਦਵੇ। ਰਾਜੇ ਦੀ ਆਗਿਆ ਦੇ ਡਰ ਨਾਲ ਉਸਦੇ ਪਿਤਾ ਨੇ ਮੰਜੂਰੀ ਤਾਂ ਦੇ ਦਿੱਤੀ, ਪਰ ਹੀਰ ਨੂੰ ਜਹਿਰ ਦੇ ਦਿੱਤਾ। ਜਦੋਂ ਰਾਂਝਾ ਵਾਪਸ ਆਇਆ ਤਾਂ ਉਸ ਨੂੰ ਹੀਰ ਦੇ ਮਰਨ ਦੀ ਖ਼ਬਰ ਮਿਲੀ ਤਾਂ ਉਸਨੇ ਵੀ ਉੱਥੇ ਹੀ ਦਮ ਤੋੜ ਦਿੱਤਾ।
ਹੀਰ ਮਰ ਗਈ, ਰਾਂਝਾ ਮਰ ਗਿਆ, ਪਰ ਉਹਨਾਂ ਦੀ ਮੁਹੱਬਤ ਅੱਜ ਵੀ ਜਿੰਦਾ ਹੈ।